ਵਰਿਆਮ ਸਿੰਘ ਸੰਧੂ

ਪਿਛਲੇ ਦਿਨੀਂ ਬਰੈਪਟਨ ਦੇ ਪੀਅਰਸਨ ਥੀਏਟਰ ਵਿੱਚ ਉੱਤੋੜਿੱਤੀ ਦੋ ਦਿਨ ਦੋ ਵਧੀਆਂ ਨਾਟਕ ਵੇਖਣ ਦਾ ਸਬੱਬ ਬਣਿਆਂ। ਪਹਿਲਾ ਨਾਟਕ ਬਲਜਿੰਦਰ ਲੇਲਨਾ ਹੁਰਾਂ ਦੀ ਟੀਮ ਵੱਲੋਂ ਖੇਡਿਆ ਗਿਆ। ਬਲਜਿੰਦਰ ਹੁਰਾਂ ਦੀ ਟੀਮ ਪੰਜਾਬੀ ਨਾਟਕ ਨੂੰ ਪੂਰੀ ਤਰ੍ਹਾਂ ਸਮਰਪਤਿ ਹੈ। ਉਹ ਥੋੜੇ ਥੋੜੇ ਵਕਫ਼ੇ ਬਾਅਦ ਨਾਟਕ ਕਰਵਾਉਂਦੇ ਰਹਿੰਦੇ ਹਨ। ਇਹਨਾਂ ਨਾਟਕਾਂ ਦੀ ਪੇਸ਼ਕਾਰੀ ਵਿੱਚ ਪੂਰੀ ਟੀਮ ਦੀ ਮਿਹਨਤ ਮੂੰਹੋਂ ਬੋਲਦੀ ਦਿਸਦੀ ਹੈ। ਮੈਂ ਉਹਨਾਂ ਦੇ ਕੁਝ ਅਜਿਹੇ ਨਾਟਕ ਵੇਖੇ ਹਨ ਜਿਨ੍ਹਾਂ ਨੇ ਨਾਟਕੀ ਪੇਸ਼ਕਾਰੀ ਦੇ ਪੱਖੋਂ ਇਤਿਹਾਸਕ ਮੀਲ-ਪੱਥਰ ਸਥਾਪਤ ਕੀਤੇ ਹਨ। ਕਈ ਵਾਰ ਤਾਂ ਉਹਨਾਂ ਦੇ ਨਾਟਕਾਂ ਵਿੱਚ ਵੀਹ ਤੋਂ ਵੱਧ ਪਾਤਰ ਹੁੰਦੇ ਹਨ। ਹਰ ਇੱਕ ਪਾਤਰ ਨੂੰ ਉਹਦੀ ਵੱਖਰੀ ਤੇ ਯਾਦਯੋਗ ਪਛਾਣ ਨਾਲ ਪੇਸ਼ ਕਰਨ ਦਾ ਕੌਤਕ ਇਹ ਟੀਮ ਅਕਸਰ ਕਰਦੀ ਰਹਿੰਦੀ ਹੈ।ਇਹਨੀਂ ਦਿਨੀਂ ਉਹ ਪਾਲੀ ਭੁਪਿੰਦਰ ਦਾ ਲਿਖਿਆ ਨਾਟਕ ‘ਜੱਸੂ ਪੁੱਤ’ ਦੀਆਂ ਪੇਸ਼ਕਾਰੀਆਂ ਕਰਨ ਵਿੱਚ ਰੁੱਝੇ ਹਨ। ਅਗਲੇ ਦਿਨੀਂ ਏਸੇ ਨਾਟਕ ਨੂੰ ਰੋਜ਼ ਥੀਏਟਰ ਵਿੱਚ ਖੇਡਿਆ ਜਾਵੇਗਾ।
ਇਸ ਵਾਰ ਦਾ ਨਾਟਕ ਇੱਕ-ਪਾਤਰੀ ਸੀ।
“”The Amber Grey Sky””ਨਾਂ ਦਾ ਇਹ ਨਾਟਕ ਨਵੰਬਰ 1984 ਦੇ ਸੱਚੇ ਵਾਕਿਆਂ ਨੂੰ ਜੀਵੰਤ ਕਰਦਾ ਹੈ ਇਹ ਮਨਾਂ ਨੂੰ ਝੂਣ ਹਲੂਣ ਜਾਣ ਵਾਲਾ ਇੱਕ ਹਿਲਾਉਣ ਵਾਲਾ ਨਾਟਕ ਹੈ, ਜਿਸਦੀ ਕਸਕ ਦਰਸ਼ਕ ਦੇ ਮਨ-ਮਸਤਕ ਵਿਚ ਛਿਲਤਰ ਵਾਂਗ ਖੁਭੀ ਰਹਿ ਜਾਂਦੀ ਹੈ। ਨਾਟਕ ਨੂੰ ਸਰਬਜੀਤ ਐਸ. ਅਰੋੜਾ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ ਅਤੇ ਤਰਨ ਬਮਰਾਹ ਨੇ ਮੰਚ ‘ਤੇ ਸ਼ਾਨਦਾਰ ਢੰਗ ਨਾਲ ਅਦਾ ਕੀਤਾ ਹੈ। ਸ਼ਾਂਤ ਚੁੱਪ ਥੀਏਟਰ ਵਿੱਚ ਤਰਨ ਕਾਨਪੁਰ ਵਿੱਚ ਹੋਏ ਕਤਲੇਆਮ ਦੀ ਦਰਦ-ਕਹਾਣੀ ਨੂੰ ਭਾਵਭਿੰਨੀ ਤੇ ਦਿਲ ਛੂਹਣ ਵਾਲੀ ਅਦਾਕਾਰੀ ਨਾਲ ਜਿਊਂਦਾ ਕਰ ਦਿੰਦੀ ਹੈ। ਨਾਟਕ ਹਾਲਾਤ ਤੇ ਸਮੇਂ ਦੀ ਵਿਡੰਬਨਾਂ ਨੂੰ ਪੇਸ਼ ਕਰਦਿਆਂ ਸਾਡੀ ਸੰਵੇਦਨਾ ਨੂੰ ਟੁੰਬਦਾ ਹੈ। ਦੱਸਦਾ ਹੈ ਕਿ ਹਾਲਾਤ ਦੇ ਵੇਗ ਨਾਲ ਭਰਾਵਾਂ ਵਾਂਗ ਰਹਿੰਦੇ ਗੁਆਂਢੀ ਵੀ ਕਿਵੇਂ ਦੁਸ਼ਮਣ ਬਣ ਜਾਂਦੇ ਨੇ। ਨਾਟਕ ਬੰਦੇ ਅੰਦਰੋਂ ਮਰ ਗਈ ਬੰਦਿਆਈ ਨੂੰ ਇਸ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ ਕਿ ਸਾਡੇ ਅੰਦਰ ਇਨਸਾਨੀਅਤ ਦਾ ਇੱਕ ਟੋਟਾ ਵੀ ਨਾਲ ਦੇ ਨਾਲ ਬਾਲ ਦਿੰਦਾ ਹੈ।
ਨਾਟਕ ਦੀ ਕਹਾਣੀ ਨੂੰ ਸਰਬਜੀਤ ਸਿੰਘ ਅਰੋੜਾ ਨੇ ਬੜੀ ਹੁਨਰਮੰਦੀ ਨਾਲ ਬੁਣਿਆਂ ਹੈ। ਟਕਰਾਉਂਦੇ ਵਾਰਤਾਲਾਪਾਂ ਵਿੱਚੋਂ ਪਾਤਰਾਂ ਦੇ ਮਨ ਦੀ ਮੈਲ਼, ਸੁੱਚਤਾ, ਭੈਅ , ਸੰਵੇਦਨਾ ਸਭ ਕੁਝ ਇੱਕੋ ਕਲਾਕਾਰ ਤਰਨ ਨੇ ਵੀ ਮੰਚ ’ਤੇ ਸਾਕਾਰ ਕਰ ਦਿੱਤੇ ਹਨ। ਲੋੜੀਂਦੇ ਥਾਵਾਂ ’ਤੇ ਸਕਰੀਨ ਦੀ ਢੁਕਵੀਂ ਵਰਤੋਂ ਕੀਤੀ ਗਈ ਹੈ।
ਇਸ ਸ਼ਾਨਦਾਰ ਪੇਸ਼ਕਾਰੀ ਲਈ ਸਰਬਜੀਤ ਅਰੋੜਾ ਦੀ ਲਿਖਣ ਕਲਾ ਤੇ ਨਿਰਦੇਸ਼ਨਾ ਲਈ ਅਤੇ ਕਹਾਣੀ ਨੂੰ ਸਟੇਜ ’ਤੇ ਸਾਹ-ਰੋਕਣ ਵਾਲੀ ਪੇਸ਼ਕਾਰੀ ਕਾਰਨ ਤਰਨ ਬਮਰਾਹ ਵਧਾਈ ਦੇ ਪਾਤਰ ਹਨ
—-
ਦੂਜਾ ਨਾਟਕ ‘ਦੋ ਰੋਟੀਆਂ’ ਬਲਦੇਵ ਰਹਿਪਾ ਤੇ ਬਲਰਾਜ ਸ਼ੋਕਰ ਦੀ ਅਗਵਾਈ ਵਿੱਚ ਤਰਕਸ਼ੀਲ ਸੋਸਾਇਟੀ ਵੱਲੋਂ ਕਰਵਾਇਆ ਗਿਆ। ਨਾਟਕ ਦੇ ਲੇਖਕ ਤੇ ਨਿਰਦੇਸ਼ਕ ਡਾ ਸੁਰਿੰਦਰ ਸ਼ਰਮਾ ਨੇ ਪੰਜਾਬ ਤੋਂ ਆ ਕੇ ਪਹਿਲਾਂ ਤਾਂ ਏਥੇ ਵੱਸਦੇ ਪੰਜਾਬੀ ਕਲਾਕਾਰਾਂ ਦੀ ਤਲਾਸ਼ ਕੀਤੀ ਤੇ ਉਹਨਾਂ ਦੀ ਦੋ ਕੁ ਹਫ਼ਤਿਆਂ ਵਿੱਚ ਰਿਹਰਸਲ ਕਰਵਾ ਕੇ ਸ਼ਾਨਦਾਰ ਨਾਟਕ ਮੰਚ ’ਤੇ ਇਸ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਹਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ।
ਇਹ ਨਾਟਕ ਵੇਖਦਿਆਂ ਇੱਕ ਗੱਲ ਨੋਟ ਕਰਨ ਵਾਲੀ ਮਿਲੀ। ਅਕਸਰ ਇੱਕੋ ਵਿਧਾ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਆਪਸ ਵਿੱਚ ਦਿਸਦੇ ਜਾਂ ਅਦਿੱਸਦੇ ਜਿਹੇ ਈਰਖ਼ਾ ਭਾਵ ਹੁੰਦੇ ਹਨ। ਕੋਈ ਦੂਜੇ ਦੀ ਸਫ਼ਲਤਾ ਵੇਖ ਕੇ ਘੱਟ ਹੀ ਖ਼ੁਸ਼ ਹੁੰਦਾ ਹੈ। ਪਰ ਏਥੇ ਅਜਿਹਾ ਨਹੀਂ। ਨਾਟਕ ਖੇਡਣ ਵਾਲੀਆਂ ਵੱਖ ਵੱਖ ਟੀਮਾਂ ਨੇ ‘ਦੋ ਰੋਟੀਆਂ’ ਨਾਟਕ ਨੂੰ ਕਾਮਯਾਬ ਕਰਨ ਕਰਵਾਉਣ ਲਈ ਤਰਕਸ਼ੀਲ ਸੋਸਾਇਟੀ ਤੇ ਸੁਰਿੰਦਰ ਸ਼ਰਮਾ ਦੀ ਬਹੁਤ ਮਦਦ ਕੀਤੀ। ਬਲਜਿੰਦਰ ਲੇਲਨਾ, ਨਾਹਰ ਔਜਲਾ ਦੀਆਂ ਟੀਮਾਂ ਨੇ ਆਪਣੇ ਕਲਾਕਾਰ ਵੀ ਦਿੱਤੇ ਤੇ ਹੋਰ ਸੰਭਵ ਸਹਾਇਤਾ ਕਰ ਕੇ ਸੁਹਿਰਦ ਭਰਾਤਰੀ ਜਥੇਬੰਦੀਆਂ ਹੋਣ ਦਾ ਸਬੂਤ ਦਿੱਤਾ।
‘ਦੋ ਰੋਟੀਆਂ’ ਨਾਟਕ ਨੌਜਵਾਨਾਂ ਦੀ ਕਨੇਡਾ ਆਉਣ ਦੀ ਲਾਲਸਾ ਦਾ ਅਤੇ ਕਨੇਡਾ ਆ ਕੇ ਹਾਲਾਤ ਦੀ ਗੁੰਝਲ ਵਿੱਚ ਫਸ ਕੇ ਤਬਾਹ ਹੋਣ ਦੀ ਦਰਦ-ਦਾਸਤਾਂ ਹੈ। ਨਾਟਕ ਕੈਨੇਡਾ ’ਚ ਪ੍ੜ੍ਹਨ ਆਏ ਪੰਜਾਬੀ ਵਿਦਿਆਰਥੀ ਦੀ ਕਹਾਣੀ ਹੈ। ਵਿਦਿਆਰਥੀ ਕਿਵੇਂ ਏਥੇ ਆ ਕੇ ਮਿਹਨਤ ਕਰਦਾ ਹੈ, ਉਹਦੇ ਆਪਣੇ ਭਾਈਚਾਰੇ ਦੇ ਲੋਕ ਉਸ ਕੋਲੋਂ ਔਖੇ ਕੰਮ ਕਰਵਾਉਂਦੇ ਹਨ। ਉਹਦੀ ਮਿਹਨਤ ਦਾ ਮੁੱਲ ਨਹੀਂ ਦਿੰਦੇ। ਬੇਇਜ਼ਤ ਕਰਦੇ ਹਨ। ਨੌਜਵਾਨ ਮਾਲਕ ਦੇ ਮਨੁੱਖਤਾ ਤੋਂ ਡਿੱਗੇ ਘਿਨੌਣੇ ਰਵੱਈਏ ਕਾਰਨ ਨਸ਼ਿਆ ਦੇ ਜਕੜ-ਜੰਜਾਲ ਵਿੱਚ ਫਸ ਕੇ ਜੀਵਨ ਤਬਾਹ ਕਰ ਲੈਂਦਾ ਹੈ। ਇਹ ਨਾਟਕ ਕਿੰਨੇ ਹੀ ਹੋਰ ਇਹੋ ਜਿਹੇ ਸਟੂਡੈਂਟਸ ਦੇ ਮਸਲਿਆਂ ਨੂੰ ਉਭਾਰਦਾ ਹੈ।
ਸੁਰਿਦਰ ਸ਼ਰਮਾ ਸਮੇਤ ਸਾਰੀ ਹੀ ਟੀਮ ਨੇ ਦੋ ਕੁ ਹਫਤਿਆਂ ਦੀ ਮੇਹਨਤ ਨਾਲ ਹੀ ਕਮਾਲ ਦੀ ਪੇਸ਼ਕਾਰੀ ਕਰ ਵਿਖਾਈ ਹੈ। ਦਰਸ਼ਕਾਂ ਨੇ ਅਦਾਕਾਰਾਂ ਦੀ ਕਲਾ ਦਾ ਢੁਕਵੇਂ ਥਾਂ ’ਤੇ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ। ਕਹਾਣੀ ਕਈ ਰਹੱਸ ਖੋਲ਼੍ਹਦੀ ਹੈ। ਕਨੇਡਾ ਆਉਣ ਵਾਲੇ ਨੌਜਵਾਨ ਦੇ ਸੁਪਨੇ ਅੰਬਰੀਂ ਉੱਡਣ ਦੇ ਹੁੰਦੇ ਹਨ ਪਰ ਹਾਲਾਤ ਦੀ ਸਿਤਮਜ਼ਰੀਫ਼ੀ ਇਹ ਹੈ ਕਿ ਉਹਦੇ ਸਿਰ ਦੇ ਉੱਤੇ ਨੇੜੇ ਹੀ ਕਿਧਰੇ ਲੋਹੇ ਦਾ ਜਾਲ ਤਣਿਆ ਹੁੰਦਾ ਹੈ। ਸੁਪਨਿਆਂ ਦੇ ਕਬੂਤਰ ਉੱਡਦੇ ਹਨ ਪਰ ਲੋਹੇ ਦੇ ਜਾਲ ਨਾਲ ਟਕਰਾ ਕੇ ਜ਼ਖ਼ਮੀ ਤੇ ਲਹੂ ਲੁਹਾਨ ਹੋਏ ਖੰਭਾਂ ਨਾਲ ਮੁੜ ਧਰਤੀ ’ਤੇ ਆ ਪਟਕਦੇ ਹਨ। ਸੁਪਨਿਆਂ ਤੇ ਹਕੀਕਤ ਦਾ ਪਾੜਾ ਉਹਨਾਂ ਦੀ ਹਸਤੀ ਨੂੰ ਪਾੜ ਕੇ ਰੱਖ ਦਿੰਦਾ ਹੈ।
ਨੌਜਵਾਨ ਨੂੰ ਇਸ ਹਾਲਤ ਵਿੱਚ ਪਹੁੰਚਾਉਣ ਵਾਲੇ ਹਾਲਾਤ ਤੇ ਲੋਕਾਂ ਦੇ ਕਿਰਦਾਰ ਨੂੰ ਪਛਾਨਣਾ ਹੋਵੇ ਤਾਂ ਨਾਟਕ ਨੂੰ ਖ਼ੁਦ ਵੇਖਣਾ ਪਵੇਗਾ। ਮੈਂ ਨਾਟਕ ਬਾਰੇ ਦੱਸ ਸਕਦਾ ਹਾਂ, ਵਿਖਾ ਨਹੀਂ ਸਕਦਾ।
ਪਾਟੀ ਹੋਈ ਹਸਤੀ ਵਾਲੇ, ਨਸ਼ਿਆਂ ਦਾ ਸ਼ਿਕਾਰ ਹੋ ਕੇ ਤਬਾਹ ਹੋਣ ਵਾਲੇ ਨੌਜਵਾਨ ਦਾ ਕਿਰਦਾਰ ਅਮਨਿੰਦਰ ਢਿਲੋਂ ਨੇ ਕਮਾਲ ਦੀ ਮੁਹਾਰਤ ਨਾਲ ਪੇਸ਼ ਕੀਤਾ ਹੈ। ਉਸਦੇ ਮਾਂ-ਬਾਪ ਦਾ ਰੋਲ ਸੁਰਿੰਦਰ ਸ਼ਰਮਾ ਤੇ ਅਮਰਜੀਤ ਕੌਰ ਨੇ ਕੀਤਾ। ਦੋਵੇਂ ਹੀ ਬਹੁਤ ਸੁਲਝੇ ਹੋਏ ਕਲਾਕਾਰ ਹਨ। ਖ਼ੁਸ਼ੀ ਦੇ ਪਲ਼ਾਂ ਵਿੱਚ ਦੋਵਾਂ ਜੀਆਂ ਦੇ ਮੁਹੱਬਤੀ ਚੁਹਲ ਮੁਹਲ ਤੇ ਪੁੱਤਰ ਦੇ ਕਨੇਡਾ ਭੇਜਣ ਤੋਂ ਬਾਅਦ ਉਹਦੇ ਗੁੰਮਣ ਤੇ ਲੱਭਣ ਦੇ ਸਮੇਂ ਦੇ ਦੁੱਖ ਦਰਦ ਨੂੰ ਉਹਨਾਂ ਨੇ ਮੰਚ ਉੱਤੇ ਸਜੀਵ ਕਰ ਦਿੱਤਾ। ਰਮਨਜੀਤ ਕੌਰ ਨੇ ਸਿਮਰਨ ਦੇ ਪਾਤਰ ਦੀ ਦੁਬਿਧਾ, ਮੁੰਡੇ ਪ੍ਰਤੀ ਹਮਦਰਦੀ, ਲੁਕਵੇਂ ਪਿਆਰ ਨੂੰ ਆਪਣੇ ਵਿਹਾਰ ਤੇ ਕਿਰਦਾਰ ਰਾਹੀਂ ਜਿਊਂਦਿਆਂ ਕੀਤਾ। ਪਾਗਲ ਦੇ ਕਿਰਦਾਰ ਵਿੱਚ ਜਸਕਰਨ ਸਿੰਘ ਨੇ ਇੱਕ ਹੋਰ ਨੌਜਵਾਨ ਦੀ ਪਾਟੀ ਹੋਈ ਸ਼ਖ਼ਸੀਅਤ ਦੇ ਨਾਟਕੀ ਦੀਦਾਰ ਕਰਵਾ ਦਿੱਤੇ।
ਮਹਿਕਜੋਤ ਕੌਰ, ਕਰਮਜੀਤ ਗਿੱਲ(ਸੀਨੀਅਰ ਅਦਾਕਾਰ), ਸ਼ਿੰਗਾਰਾ ਸਮਰਾ, ਗੁਰਬਿੰਦਰ ਤੇ ਰੋਮੀ ਗਿੱਲ ਦੇ ਕਿਰਦਾਰ ਵੀ ਆਪਣੀ ਥਾਂ ਪ੍ਰਭਾਵਸ਼ਾਲੀ ਰਹੇ।
ਚੰਗੀ ਗੱਲ ਇਹ ਹੈ ਦੁਖਦਾਈ ਨਾਟਕੀ ਕਹਾਣੀ ਨੂੰ ਇੱਕ ਚੰਗੀ ਤੇ ਉਤਸ਼ਾਹਪੂਰਨ ਛੁਹ ਨਾਲ ਖ਼ਤਮ ਕੀਤਾ ਗਿਆ ਹੈ।
ਜਿੱਥੇ ਤਰਕਸ਼ੀਲ ਸੋਸਾਇਟੀ ਅਜਿਹਾ ਸ਼ਾਨਦਾਰ ਨਾਟਕ ਕਰਾਉਣ ਲਈ ਵਧਾਈ ਦੀ ਪਾਤਰ ਹੈ ਓਥੇ ਨਾਟਕ ਦੇ ਲੇਖਕ, ਨਿਰਦੇਸ਼ਕ ਤੇ ਅਦਾਕਾਰ ਸੁਰਿੰਦਰ ਸ਼ਰਮਾ ਨੂੰ ਉਚੇਚੀ ਸ਼ਾਬਾਸ਼ ਹੈ। ਉਹਨੇ ਪੰਜਾਬੀ ਨਾ ਹੋਣ ਦੇ ਬਾਵਜੂਦ ਜਿਵੇਂ ਮਾਂ ਬੋਲੀ ਪੰਜਾਬੀ ਨੂੰ ਅਪਣਾਇਆ ਤੇ ਨਾਟਕ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾਈਆਂ, ਇਸ ਲਈ ਉਹਦੀ ਉਚੇਚੀ ਪ੍ਰਸੰਸਾ ਕਰਨੀ ਬਣਦੀ ਹੈ।
(ਸ੍ਰ੍ਰ ਵਰਿਆਮਮ ਸਿੰਘ ਸੰਧੂ ਜੀ ਦੀ ਫੇਸਬੁੱਕ ਵਾਲ ਤੋਂ ਧੰਨਵਾਦ ਸਹਿਤ )



