29 September 2024

ਤਰਕਸ਼ੀਲ ਸੁਸਾਇਟੀ ਕੈਨੇਡਾ,ਉਨਟਾਰੀਓ
*
ਅੱਜ ਮਿਤੀ 29 ਸਿਤੰਬਰ 2024 ਨੂੰ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਲੋਕ ਨਾਇਕ ਭਾਅ ਜੀ ਗੁਰਸ਼ਰਨ ਸਿੰਘ ਜੀ ਦੀ ਯਾਦ ਵਿੱਚ ਯਾਦਗਾਰੀ ਅਤੇ ਸਨਮਾਨ ਸਮਾਰੋਹ 2250 Bovaird Drive East, Parking level -1 ਵਿਖੇ ਕਰਵਾਇਆ ਗਿਆ। ਸਮਾਗਮ ਦੀ ਕਾਰਵਾਈ ਸੋਹਣ ਢੀਂਡਸਾ ਅਤੇ ਹਰਬੰਸ ਮੱਲ੍ਹੀ ਜੀ ਵੱਲੋਂ ਚਲਾਈ ਗਈ। ਸਮਾਗਮ ਦੇ ਸ਼ੁਰੂ ਵਿੱਚ ਆਏ ਸਰੋਤਿਆਂ ਲਈ ਚਾਹ ਪਾਣੀ ਦਾ ਪ੍ਰਬੰਧ ਨਿਰਮਲ ਸੰਧੂ ਜੀ ਵੱਲੋਂ ਕੀਤਾ ਗਿਆ ਸੀ। ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਹਾਲ ਖਚਾਖਚ ਭਰਨ ਕਾਰਨ ਬਹੁਤ ਸਾਰੇ ਆਏ ਲੋਕਾਂ ਨੂੰ ਖੜਕੇ ਹੀ ਇਹ ਸਾਰਾ ਪ੍ਰੋਗਰਾਮ ਸੁਣਨਾ ਪਿਆ ਅਤੇ ਸਮਾਗਮ ਦੇ ਅੰਤ ਤੱਕ ਖੜ੍ਹੇ ਰਹਿਣ ਪਿਆ। ਪ੍ਰੋਗਰਾਮ ਦੀ ਸ਼ੁਰੂਆਤ ਮਲਕੀਤ ਮਾਣਕ ਜੀ ਨੇ ਸ਼ਹੀਦ ਭਗਤ ਸਿੰਘ ਦੀ ਵਾਰ ਤੋਂ ਕੀਤੀ। ਇਸ ਪਿੱਛੋਂ ਸੁਸਾਇਟੀ ਦੀ ਓਨਟਾਰੀਓ ਇਕਾਈ ਦੇ ਜਨਰਲ ਸਕੱਤਰ ਅਤੇ ਪ੍ਰੋਗਰਾਮ ਦੇ ਮੁੱਖ ਬੁਲਾਰੇ ਅਮਰਦੀਪ ਮੰਡੇਰ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਬਾਰੇ ਸੰਖੇਪ ਜਾਣਕਾਰੀ ਦੇਣ ਮਗਰੋਂ ਸ਼ਹੀਦ ਦੀ ਸ਼ਖਸੀਅਤ ਬਾਰੇ ਗੱਲ ਕੀਤੀ। ਉਹਨਾਂ ਸ਼ਹੀਦ ਭਗਤ ਸਿੰਘ ਬਾਰੇ ਗੱਲ ਕਰਦਿਆਂ ਕਿਹਾ ਕਿ ਭਗਤ ਸਿੰਘ ਨੂੰ ਇੱਕ ਗਰਮ ਖਿਆਲੀ ਜਵਾਨ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਸਗੋਂ ਉਹ ਇਕ ਸੂਝਵਾਨ ਬੁੱਧੀਜੀਵੀ ਸਨ ਜੋ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਏ ਅਤੇ ਸਾਰੀ ਉਮਰ ਸਮਾਜਿਕ ਨਿਆਂ ਲਈ ਜੂਝਦੇ ਰਹੇ। ਅਮਰਦੀਪ ਅਨੁਸਾਰ ਸ਼ਹੀਦ ਭਗਤ ਸਿੰਘ ਜਿੱਥੇ ਇੱਕ ਪਾਸੇ ਧਰਮ ਨਿਰਪੱਖ ਅਸੂਲਾਂ ਤੇ ਪਹਿਰਾ ਦਿੰਦੇ ਸਨ ਓਥੇ ਉਹਨਾਂ ਦਾ ਵਿਸ਼ਵਾਸ ਸੀ ਕਿ ਲੋਕਾਂ ਦੇ ਹਾਲਾਤ ਬਦਲਣ ਲਈ ਕਿਸੇ ਸਰਬ-ਸ਼ਕਤੀਮਾਨ ਰੱਬ ਤੇ ਨਹੀਂ ਸਗੋਂ ਲੋਕ ਘੋਲਾਂ ਉੱਤੇ ਹੀ ਨਿਰਭਰ ਕੀਤਾ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਫਾਂਸੀ ਸਮੇਂ ਭਗਤ ਸਿੰਘ ਵੱਲੋਂ ਤਿੰਨ ਨਾਅਰੇ ਲਗਾਏ ਗਏ ‘ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਦੁਨੀਆਂ ਭਰ ਦੇ ਮਿਹਨਤਕਸ਼ ਲੋਕੋ ਇੱਕ ਹੋ ਜਾਉ ‘ ਉਹ ਕੇਵਲ ਭਾਰਤ ਦੀ ਅਜ਼ਾਦੀ ਲਈ ਨਹੀਂ ਲੜਿਆ ਬਲਕੇ ਸੰਸਾਰ ਭਰ ਵਿੱਚ ਗੁਲਾਮੀ ਤੋਂ ਮੁਕਤੀ ਦੀ ਗੱਲ ਕਰਦਾ ਰਿਹਾ।
ਇੰਟਰਨੈਸ਼ਨਲ ਵਿਦਿਆਰਥੀ ਆਗੂ ਮਨਪ੍ਰੀਤ ਕੌਰ ਲੋਂਗੋਵਾਲ ਵੱਲੋਂ ਵਿਦਿਆਰਥੀ ਵਰਗ ਦੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਇੱਕ ਕਵਿਤਾ ਵੀ ਪੇਸ਼ ਕੀਤੀ ਗਈ।ਇੰਦਰਜੀਤ ਕੌਰ ਜੌਹਲ ਜੀ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਗੀਤ ਪੇਸ਼ ਕੀਤਾ। ਸੁਸਾਇਟੀ ਦੇ ਉਪ ਪ੍ਰਧਾਨ ਬਲਰਾਜ ਸ਼ੋਕਰ ਜੀ ਨੇ ਭਗਤ ਸਿੰਘ ਦੀ ਸੈਕੂਲਰ ਵਿਚਾਰਧਾਰਾ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦਾ ਨਾਮ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਹੈ ਇੰਡੀਆ ਜਾਂ ਭਾਰਤ ਹੀ ਵਰਤਣਾ ਚਾਹੀਦਾ ਹੈ ਜੋ ਸੈਕੂਲਰ ਹੈ। ਭਾਰਤ ਤੇ ਰਾਜ ਕਰਦੀ ਫਿਰਕੂ ਪਾਰਟੀ ਨੇ ਹਿੰਦੋਸਤਾਨ ਵਿੱਚੋਂ ਹਿੰਦੂਸਤਾਨ ਦੀ ਬੋਅ ਮਾਰਨ ਲਾ ਦਿੱਤੀ ਹੈ। ਭਾਰਤ ਇੱਕ ਸੈਕੂਲਰ ਦੇਸ਼ ਹੈ।
ਇਸ ਉਪਰੰਤ ਅਜਮੇਰ ਪਰਦੇਸੀ ਜੀ ਨੇ ਆਪਣੇ ਵਿਚਾਰ ਸ਼ਹੀਦ ਭਗਤ ਸਿੰਘ ਬਾਰੇ ਲਿਖੀ ਕਵਿਤਾ ਰਾਹੀਂ ਰੱਖੇ।ਮਲੂਕ ਸਿੰਘ ਕਾਹਲੋਂ ਨੇ ਭਾਅ ਜੀ ਗੁਰਸ਼ਰਨ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਸਤਰਾਂ ਸਾਂਝੀਆਂ ਕੀਤੀਆਂ।

ਸੁਸਾਇਟੀ ਦੇ ਕੋਮਾਂਤਰੀ ਇੰਚਾਰਜ ਤੇ ਕੋਮੀ ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਨੇ ਕਿਹਾ ਲੋਕਾਂ ਨੂੰ ਭਗਤ ਸਿੰਘ ਵਾਂਗ ਤਰਕ ਦੇ ਅਧਾਰ ਸੋਚਣ ਦੀ ਆਦਤ ਪਾਉਣੀ ਚਾਹਦੀ ਹੈ। ਭਾਅ ਜੀ ਗੁਰਸ਼ਰਨ ਵਲੋਂ ਨਾਟਕਾਂ ਰਾਹੀਂ ਇਹ ਪਹੁੰਚ ਆਪਣੇ ਨਾਟਕ ‘ਦੇਵ ਪੁਰਸ਼ ਹਾਰ ਗਏ’ ਰਾਹੀਂ ਲੋਕਾਂ ਵਿੱਚ ਭਰਵੇਂ ਰੂਪ ਵਿੱਚ ਪ੍ਰਚਾਰੀ ਗਈ।
ਸਮਾਗਮ ਦੇ ਮੁੱਖ ਮਹਿਮਾਨ ਹਰਚੰਦ ਭਿੰਡਰ ਜੀ ਜੋ FIRA ਦੇ ਖਜਾਨਚੀ ਹਨ ਨੇ ਜਿੱਥੇ ਲੋਕ ਨਾਇਕ ਗੁਰਸ਼ਰਨ ਸਿੰਘ ਬਾਰੇ ਗੱਲਬਾਤ ਕੀਤੀ ਓਥੇ ਉਹਨਾਂ FIRA ਵੱਲੋਂ ਕਰਵਾਈ ਜਾਣ ਵਾਲੀ ਕਾਨਫਰੰਸ ਦੀ ਵੀ ਜਾਣਕਾਰੀ ਸਾਂਝੀ ਕੀਤੀ।

ਭਗਤ ਸਿੰਘ ਦੀ ਭਤੀਜੀ ਬੀਬੀ ਇੰਦਰਜੀਤ ਕੌਰ ਅਤੇ ਭਤੀਜ ਜੁਆਈ ਸ਼੍ਰੀ ਅੰਮ੍ਰਿਤ ਢਿਲੋਂ ਵੱਲੋਂ ਭਗਤ ਸਿੰਘ ਨਾਲ ਸਬੰਦਤ ਯਾਦਾਂ ਤਾਜ਼ਾ ਕੀਤੀਆਂ ਗਈਆਂ ।ਸੁਸਾਇਟੀ ਵੱਲੋਂ ਹਰਚੰਦ ਭਿੰਡਰ, ਅੰਮ੍ਰਿਤ ਢਿੱਲੋਂ ਅਤੇ ਕੁਲਦੀਪ ਸੰਧੂ ਜੀ ਦਾ ਉਹਨਾਂ ਵੱਲੋਂ ਤਰਕਸ਼ੀਲ ਸੁਸਾਇਟੀ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨ ਵੀ ਕੀਤਾ ਗਿਆ। ਅਖੀਰ ਵਿੱਚ ਸੁਸਾਇਟੀ ਦੇ ਪ੍ਰਧਾਨ ਜਸਵੀਰ ਚਾਹਲ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਆਏ ਸਰੋਤਿਆ ਨੇ ਤਰਕਸ਼ੀਲ ਸੁਸਾਇਟੀ ਦੀ ਮੈਂਬਰਸ਼ਿਪ ਵੀ ਲਈ ਅਤੇ ਤਰਕਸ਼ੀਲ ਸਾਹਿਤ ਵੀ ਖਰੀਦਿਆ। ਤਰਕਸ਼ੀਲ ਸੁਸਾਇਟੀ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਸਵੀਰ ਚਾਹਲ ਨੂੰ 416-820-6800 ਜਾਂ ਅਮਰਦੀਪ ਨੂੰ 647-782-8334 ਤੇ ਸੰਪਰਕ ਕੀਤਾ ਜਾ ਸਕਦਾ ਹੈ